ਵਣਜਾਰੇ ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਣਜਾਰੇ ਸਿੱਖ: ਸੰਸਕ੍ਰਿਤ ਦੇ ‘ਵਾਣਿਜ’ ਸ਼ਬਦ ਤੋਂ ਵਿਉਤਪੰਨ ‘ਵਣਜਾਰਾ’ ਸ਼ਬਦ ਦਾ ਅਰਥ ਹੈ ਵਣਜ-ਵਪਾਰ ਕਰਨ ਵਾਲਾ ਸੌਦਾਗਰ। ਇਨ੍ਹਾਂ ਨੂੰ ‘ਬਨਜਾਰਾ’ ਵੀ ਕਹਿੰਦੇ ਹਨ। ਮੱਧ ਯੁਗ ਵਿਚ ਵਣਜ-ਵਪਾਰ ਵਿਚ ਇਨ੍ਹਾਂ ਦੀ ਪੂਰੀ ਸਰਦਾਰੀ ਸੀ। ਮੱਧ ਭਾਰਤ, ਦੱਖਣ , ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਵਿਚ ਇਹ ਥਾਂ ਥਾਂ ਪਸਰੇ ਹੋਏ ਸਨ ਅਤੇ ਸਮਾਜ ਵਿਚ ਆਦਰ ਦਾ ਸਥਾਨ ਰਖਦੇ ਸਨ। ਅੰਗ੍ਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਤੋਂ ਬਾਦ ਆਵਾਜਾਈ ਅਤੇ ਢੋ-ਢੋਆਈ ਦੀਆਂ ਸੁਵਿਧਾਵਾਂ ਵਧ ਜਾਣ ਕਾਰਣ ਇਨ੍ਹਾਂ ਦੇ ਕੰਮ-ਕਾਜ ਅਤੇ ਵਪਾਰ-ਪੱਧਤੀ ਨੂੰ ਕਾਫ਼ੀ ਧੱਕਾ ਲਗਿਆ। ਫਲਸਰੂਪ ਇਨ੍ਹਾਂ ਦਾ ਵਪਾਰਕ ਖੇਤਰ ਸੁੰਗੜ ਗਿਆ। ਹੁਣ ‘ਵਣਜਾਰਾ’ ਸ਼ਬਦ ਫਿਰ ਤੁਰ ਕੇ ਅਤੇ ਘਰ ਘਰ ਜਾ ਕੇ ਚੀਜ਼ਾਂ ਵੇਚਣ ਵਾਲਿਆਂ ਲਈ ਰੂੜ੍ਹ ਹੋ ਚੁਕਿਆ ਹੈ। ਇਸ ਤਰ੍ਹਾਂ ਇਹ ਇਕ ਰਮਤੀ-ਵਣਿਕ ਜਾਤਿ ਹੈ ਜੋ ਆਪਣੀਆਂ ਵਖਰੀਆਂ ਬਸਤੀਆਂ ਅਥਵਾ ਟਾਂਡੇ ਬਣਾ ਕੇ ਰਹਿੰਦੀ ਹੈ। ਪੰਜਾਬ ਵਿਚ ਕਈ ਪਿੰਡ ਅਥਵਾ ਕਸਬੇਟਾਂਡਾ ’ ਨਾਂ ਨਾਲ ਪ੍ਰਸਿੱਧ ਹਨ। ਘੁੰਮ ਫਿਰ ਕੇ ਚੀਜ਼ਾਂ ਵੇਚਣ ਵਾਲੇ ਵਣਜਾਰਿਆਂ ਦਾ ਜੀਵਨ ਅਤੇ ਸਾਮਾਨ ਕੁਝ ਅਸੁਰਖਿਅਤ ਜਿਹਾ ਹੁੰਦਾ ਹੈ। ਇਨ੍ਹਾਂ ਨੂੰ ਇਲਾਕਾਈ ਉਪਭਾਸ਼ਾਵਾਂ ਵਿਚ ਫਿਰਾਇਤ, ਫਿਰਾਂਢਾ, ਫਰਾਂਡਾ ਆਦਿ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਹੈ। ਵਣਜਾਰੇ ਦੇ ਕਰਮਾਚਾਰ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਨੇ ‘ਵਣਜਾਰਾ’ (ਵੇਖੋ) ਨਾਂ ਦੀ ਇਕ ਸੰਖਿਪਤ ਬਾਣੀ ਦੀ ਰਚਨਾ ਵੀ ਕੀਤੀ ਹੈ।

ਇਨ੍ਹਾਂ ਦਾ ਪਿਛੋਕੜ ਕੋਈ ਵਿਦਵਾਨ ਭੱਟਾਂ , ਚਾਰਣਾਂ ਨਾਲ ਜੋੜਦਾ ਹੈ ਅਤੇ ਕੋਈ ਬ੍ਰਾਹਮਣਾਂ ਨਾਲ। ਇਨ੍ਹਾਂ ਵਿਚ ਕਈ ਉਪਜਾਤੀਆਂ, ਗੋਤਾਂ ਜਾਂ ਕਬੀਲੇ ਹਨ। ਇਨ੍ਹਾਂ ਦਾ ਸਮਾਜਿਕ ਜੀਵਨ ਪੰਚਾਇਤੀ ਢੰਗ ਵਾਲਾ ਹੈ। ਇਨ੍ਹਾਂ ਵਿਚ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਅਨੁਯਾਈ ਮਿਲ ਜਾਂਦੇ ਹਨ।

ਗੁਰੂ-ਕਾਲ ਵਿਚ ਗੁਰਮਤਿ-ਭਗਤੀ ਤੋਂ ਪ੍ਰਭਾਵਿਤ ਹੋ ਕੇ ਕਈ ਵਣਜਾਰੇ ਸਿੱਖ ਬਣ ਗਏ। ਭਾਈ ਲੱਖੀ ਸ਼ਾਹ ਅਤੇ ਭਾਈ ਮੱਖਣਸ਼ਾਹ ਦੇ ਨਾਂ ਵਿਸ਼ੇਸ਼ ਉਲੇਖਯੋਗ ਹਨ। ਪੰਜਾਬ ਤੋਂ ਬਾਹਰ ਵਸਦੇ ਕਈ ਵਣਜਾਰੇ ਸਿੱਖ ਗੁਰਮਤਿ ਵਿਚ ਵਿਸ਼ਵਾਸ ਰਖਦੇ ਹਨ ਅਤੇ ਗੁਰਦੁਆਰਿਆਂ ਵਿਚ ਦਰਸ਼ਨ ਕਰਨ ਜਾਂਦੇ ਹਨ। ਪਰ ਧਰਮ-ਪ੍ਰਚਾਰ ਦੀ ਘਾਟ ਕਾਰਣ ਇਨ੍ਹਾਂ ਦਾ ਬਾਹਰਲਾ ਸਰੂਪ ਕਾਫ਼ੀ ਹਦ ਤਕ ਸਿੱਖੀ ਤੋਂ ਹਟ ਗਿਆ ਹੈ। ਅਬਚਲ ਨਗਰ ਹਜ਼ੂਰ ਸਾਹਿਬ ਨਾਲ ਇਹ ਕਾਫ਼ੀ ਜੁੜੇ ਹੋਏ ਹਨ। ਆਨੰਦ-ਕਾਰਜ ਵਿਧੀ ਰਾਹੀਂ ਵਿਆਹ ਸੰਪੰਨ ਕਰਦੇ ਹਨ। ਕੁਠਾ ਖਾਣੋਂ ਸੰਕੋਚ ਕਰਦੇ ਹਨ, ਦਸਵੰਧ ਕਢਦੇ ਹਨ, ਮਿਲਣ ਵੇਲੇ ਗੁਰੂ-ਫਤਹਿ ਬੁਲਾਉਂਦੇ ਹਨ। ਸ਼ਿਦਤ ਨਾਲ ਕੀਤੇ ਪ੍ਰਚਾਰ ਨਾਲ ਇਨ੍ਹਾਂ ਨੂੰ ਸਿੱਖ ਧਰਮ ਵਿਚ ਰਖਿਆ ਜਾ ਸਕਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.